ਇਹ ਸਵੀਕਾਰ ਕਰਨ ਲਈ ਬਹੁਤ ਤਾਕਤ ਦੀ ਲੋੜ ਹੁੰਦੀ ਹੈ ਕਿ ਤੁਹਾਨੂੰ ਆਪਣੇ ਵਿਵਹਾਰ ਨੂੰ ਬਦਲਣ ਦੀ ਲੋੜ ਹੈ।
ਇਹ ਸਫ਼ਾ ਦੱਸਦਾ ਹੈ ਕਿ ਅਸੀਂ ਤੁਹਾਡੇ ਦੁਆਰਾ ਸਭ ਤੋਂ ਵਧੀਆ ਵਿਅਕਤੀ, ਜੀਵਨਸਾਥੀ, ਪਿਤਾ ਜਾਂ ਪਰਿਵਾਰ ਦਾ ਜੀਅ ਬਣਨ ਦੇ ਸਫ਼ਰ ਵਿੱਚ ਤੁਹਾਡੀ ਮਦਦ ਕਿਵੇਂ ਕਰ ਸਕਦੇ ਹਾਂ।
ਆਪਣੇ ਆਪ ਨੂੰ ਪੁੱਛੋ:
- ਕੀ ਮੈਂ ਕਦੇ ਪਰਿਵਾਰ ਦੇ ਕਿਸੇ ਜੀਅ ਨੂੰ ਉੱਚੀ ਬੋਲਿਆ ਜਾਂ ਉਨ੍ਹਾਂ ਉਪਰ ਚੀਖ਼ਿਆ ਹੈ?
- ਕੀ ਮੈਂ ਕਦੇ ਪਰਿਵਾਰ ਦੇ ਕਿਸੇ ਜੀਅ ਨੂੰ ਕੁੱਟਿਆ, ਥੱਪੜ ਮਾਰਿਆ, ਲੱਤ ਮਾਰੀ, ਧੱਕਾ ਦਿੱਤਾ ਜਾਂ ਹਲੂਣਿਆਂ – ਜਾਂ ਧਮਕੀ ਦਿੱਤੀ ਹੈ?
- ਕੀ ਮੈਂ ਕਦੇ ਪਰਿਵਾਰ ਦੇ ਕਿਸੇ ਜੀਅ ਨੂੰ ਬੁਰੇ ਜਾਂ ਅਸ਼ਲੀਲ ਨਾਮ ਨਾਲ ਬੁਲਾਇਆ ਹੈ? ਕੀ ਮੈਂ ਲਗਾਤਾਰ ਉਨ੍ਹਾਂ ਦੀ ਆਲੋਚਨਾ ਕਰ ਰਿਹਾ ਹਾਂ?
- ਕੀ ਮੈਂ ਕਦੇ ਆਪਣੇ ਜੀਵਨਸਾਥੀ ਨੂੰ ਆਪਣੀ ਵਰਤੋਂ ਲਈ ਪੈਸੇ ਖ਼ਰਚ ਕਰਨ ਤੋਂ ਰੋਕਿਆ ਹੈ?
- ਕੀ ਮੈਂ ਕਦੇ ਪਰਿਵਾਰ ਦੇ ਕਿਸੇ ਜੀਅ ਨੂੰ ਡਰਾਇਆ ਹੈ?
- ਕੀ ਮੈਂ ਕਦੇ ਪਰਿਵਾਰ ਦੇ ਕਿਸੇ ਜੀਅ ਦੇ ਅੱਗੇ ਜਾਂ ਉਸ ਦੇ ਉਪਰ ਕੁਝ ਸੁੱਟਿਆ ਹੈ, ਜਿਵੇਂ ਕਿ ਗਲਾਸ, ਕੁਰਸੀ ਜਾਂ ਟੀਵੀ ਦਾ ਰਿਮੋਟ?
- ਕੀ ਮੈਂ ਕਦੇ ਆਪਣੇ ਸਾਥੀ ‘ਤੇ ਕੁਝ ਜਿਨਸੀ ਚੀਜ਼ ਕਰਨ ਲਈ ਦਬਾਅ ਪਾਇਆ ਹੈ ਜੋ ਉਹ ਨਹੀਂ ਕਰਨਾ ਚਾਹੁੰਦੇ ਸਨ?
- ਕੀ ਮੈਂ ਕਦੇ ਆਪਣੇ ਸਾਥੀ ਨੂੰ ਕੁਝ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ ਜੋ ਉਹ ਕਰਨਾ ਚਾਹੁੰਦੇ ਸਨ? (ਉਦਾਹਰਨ ਲਈ, ਦੋਸਤਾਂ ਨਾਲ ਬਾਹਰ ਜਾਣਾ, ਨੌਕਰੀ ਕਰਨਾ, ਕੁਝ ਪੜ੍ਹਾਈ ਕਰਨਾ)
- ਕੀ ਮੈਂ ਕਦੇ ਆਪਣੇ LGBTIQA+ ਜੀਵਨਸਾਥੀ ਨੂੰ ਬਾਹਰ ਕੱਢਣ ਦੀ ਧਮਕੀ ਦਿੱਤੀ ਹੈ?
ਜੇ ਤੁਸੀਂ ਇਹਨਾਂ ਵਿੱਚੋਂ ਕਿਸੇ ਇੱਕ ਸਵਾਲ ਦਾ ਜਵਾਬ ‘ਹਾਂ’ ਵਿੱਚ ਦਿੱਤਾ ਹੈ, ਤਾਂ ਹੇਠਾਂ ਦਿੱਤੀਆਂ ਸਾਡੀਆਂ ਸੇਵਾਵਾਂ ਮਦਦ ਕਰ ਸਕਦੀਆਂ ਹਨ।
ਮੈੱਨਜ਼ ਰੈਫ਼ਰਲ ਸਰਵਿਸ – 1300 766 491
24 ਘੰਟੇ, ਸਾਲ ਦੇ 365 ਦਿਨ ਉਪਲਬਧ
ਮੈੱਨਜ਼ ਰੈਫਰਲ ਸਰਵਿਸ (MRS) (ਮਰਦਾਂ ਦੀ ਹਵਾਲਾ ਦੇਣ ਵਾਲੀ ਸੇਵਾ) ਤੁਹਾਨੂੰ ਵਿਵਹਾਰ ਵਿੱਚ ਤਬਦੀਲੀ ਦੇ ਪ੍ਰੋਗਰਾਮਾਂ, ਪਾਲਣ-ਪੋਸ਼ਣ ਪ੍ਰੋਗਰਾਮਾਂ, ਸ਼ਰਾਬ ਅਤੇ ਨਸ਼ਾ ਛੁਡਾਊ ਪ੍ਰੋਗਰਾਮਾਂ, ਸਿਹਤ ਸਹਾਇਤਾ ਅਤੇ ਤੁਹਾਡੇ ਖੇਤਰ ਵਿੱਚ ਰਿਹਾਇਸ਼ ਸੇਵਾਵਾਂ ਬਾਰੇ ਸਲਾਹ-ਮਸ਼ਵਰਾ ਅਤੇ ਜਾਣਕਾਰੀ ਪ੍ਰਦਾਨ ਕਰ ਸਕਦੀ ਹੈ।
ਇਹ ਸੇਵਾ 24 ਘੰਟੇ, ਹਫ਼ਤੇ ਦੇ ਸੱਤ ਦਿਨ, ਸਾਰਾ ਸਾਲ ਉਪਲਬਧ ਹੈ – ਇਸ ਲਈ ਜਦੋਂ ਵੀ ਤੁਹਾਨੂੰ ਇਸ ਦੀ ਲੋੜ ਹੁੰਦੀ ਹੈ ਤਾਂ ਮਦਦ ਉਪਲਬਧ ਹੁੰਦੀ ਹੈ।
ਮੈੱਨਜ਼ ਰੈਫ਼ਰਲ ਸਰਵਿਸ ਕਿਸ ਦੀ ਸਹਾਇਤਾ ਕਰਦੀ ਹੈ?
- ਉਨਾਂ ਆਦਮੀਆਂ ਦੇ ਆਪਣੇ ਵਿਵਹਾਰ ਨੂੰ ਬਦਲਣ ਲਈ, ਜਿਨ੍ਹਾਂ ਨੇ ਅਪਮਾਨਜਨਕ ਵਿਵਹਾਰ ਕੀਤਾ ਹੈ ਜਾਂ ਕਰ ਰਹੇ ਹਨ।
- ਪਰਿਵਾਰ ਦੇ ਜੀਅ ਲਈ, ਜੋ ਕਿਸੇ ਆਦਮੀ ਦੇ ਅਪਮਾਨਜਨਕ ਵਿਵਹਾਰ ਤੋਂ ਪ੍ਰਭਾਵਿਤ ਹੁੰਦੇ ਹਨ।
- ਉਨ੍ਹਾਂ ਲੋਕਾਂ ਦੇ ਦੋਸਤਾਂ, ਪਰਿਵਾਰ ਜਾਂ ਕੰਮ ‘ਤੇ ਸਾਥੀਆਂ ਲਈ, ਜੋ ਹਿੰਸਾ ਦੀ ਵਰਤੋਂ ਜਾਂ ਘਰੇਲੂ ਅਤੇ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਹੇ ਹੋ ਸਕਦੇ ਹਨ, ਅਤੇ ਇਹ ਸਮਝਣਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਸਹਿਯੋਗ ਕਿਵੇਂ ਕਰਨਾ ਹੈ।
- ਉਨ੍ਹਾਂ ਪੇਸ਼ੇਵਰਾਂ ਲਈ, ਜੋ ਕਿਸੇ ਅਜਿਹੇ ਗਾਹਕ ਦੀ ਸਹਾਇਤਾ ਕਰਨ ਦੀ ਇੱਛਾ ਰੱਖਦੇ ਹਨ ਜੋ ਹਿੰਸਾ ਦੀ ਵਰਤੋਂ ਕਰ ਰਿਹਾ ਹੈ ਜਾਂ ਇਸ ਨੂੰ ਅਨੁਭਵ ਕਰ ਰਿਹਾ ਹੈ।
ਜਦੋਂ ਤੁਸੀਂ ਮੈੱਨਜ਼ ਰੈਫ਼ਰਲ ਸਰਵਿਸ ਨੂੰ ਫ਼ੋਨ ਕਰਦੇ ਹੋ:
- ਤੁਸੀਂ ਗੁੰਮਨਾਮ ਰਹਿ ਸਕਦੇ ਹੋ
- ਤੁਹਾਡੀ ਗੱਲ ਸੁਣੀ ਜਾਂਦੀ ਹੈ ਅਤੇ ਤੁਹਾਡੇ ਨਾਲ ਆਦਰ ਨਾਲ ਵਿਵਹਾਰ ਕੀਤਾ ਜਾਂਦਾ ਹੈ
- ਤੁਹਾਨੂੰ ਸਥਾਨਕ ਸੇਵਾਵਾਂ ਬਾਰੇ ਜਾਣਕਾਰੀ ਪ੍ਰਾਪਤ ਹੋਵੇਗੀ ਜੋ ਤੁਹਾਡੇ ਵਿਵਹਾਰ ਨੂੰ ਬਦਲਣ ਵੱਲ ਅਗਲੇ ਕਦਮ ਚੁੱਕਣ ਵਿੱਚ ਤੁਹਾਡੀ ਮਦਦ ਕਰ ਸਕਦੀਆਂ ਹਨ।
ਮਦਦ ਪ੍ਰਾਪਤ ਕਰਨ ਲਈ 1300 766 491 ‘ਤੇ ਫ਼ੋਨ ਕਰੋ। ਸੇਵਾ ਨਾਲ ਗੱਲਬਾਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਤੁਸੀਂ ਮੁਫ਼ਤ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS ਨੈਸ਼ਨਲ) ਜਾਂ ਸਾਡੀ ਵੈੱਬਚੈਟ ਦੀ ਵਰਤੋਂ ਵੀ ਕਰ ਸਕਦੇ ਹੋ।
ਬਰੀਫ਼ ਇੰਟਰਵੈਨਸ਼ਨ ਸਰਵਿਸ (ਸੰਖੇਪ ਦਖ਼ਲ-ਅੰਦਾਜ਼ੀ ਸੇਵਾ)
ਬਰੀਫ਼ ਇੰਟਰਵੈਨਸ਼ਨ ਸਰਵਿਸ (ਸੰਖੇਪ ਦਖ਼ਲ-ਅੰਦਾਜ਼ੀ ਸੇਵਾ, BIS) ਇੱਕ ਰਾਸ਼ਟਰੀ ਟੈਲੀਫ਼ੋਨ ਸਲਾਹ-ਮਸ਼ਵਰਾ ਪ੍ਰੋਗਰਾਮ ਹੈ ਜੋ ਮਦਦ ਕਰ ਸਕਦਾ ਹੈ, ਜੇ ਤੁਸੀਂ ਮਰਦਾਂ ਦੇ ਵਿਵਹਾਰ ਵਿੱਚ ਤਬਦੀਲੀ ਵਾਲੇ ਪ੍ਰੋਗਰਾਮ ਤੱਕ ਪਹੁੰਚ ਕਰਨ ਦੀ ਉਡੀਕ ਕਰ ਰਹੇ ਹੋ। ਜਿੱਥੇ ਤੁਸੀਂ ਰਹਿੰਦੇ ਹੋ ਜੇ ਉੱਥੇ ਕੋਈ ਪ੍ਰੋਗਰਾਮ ਉਪਲਬਧ ਨਹੀਂ ਹੈ, ਜਾਂ ਜੇ ਤੁਸੀਂ ਅੰਗਰੇਜ਼ੀ ਨਹੀਂ ਬੋਲਦੇ, ਇਹ ਉਦੋਂ ਵੀ ਮਦਦ ਕਰ ਸਕਦਾ ਹੈ।
ਬਰੀਫ਼ ਇੰਟਰਵੈਨਸ਼ਨ ਸਰਵਿਸਇੱਕ ਛੋਟੀ ਮਿਆਦ ਦਾ ਟੈਲੀਫ਼ੋਨ ਸਹਾਇਤਾ ਪ੍ਰੋਗਰਾਮ ਹੈ ਜੋ ਕਈ ਸੈਸ਼ਨਾਂ ਵਿੱਚ ਹੁੰਦਾ ਹੈ। ਇਹ ਪ੍ਰੋਗਰਾਮ ਤੁਹਾਡੀ ਇਨ੍ਹਾਂ ਵਿੱਚ ਮਦਦ ਕਰ ਸਕਦਾ ਹੈ:
- ਆਪਣੇ ਵਿਵਹਾਰ ਨੂੰ ਸਮਝਣ ਲਈ
- ਪੜਚੋਲ ਕਰਨ ਲਈ ਕਿ ਤੁਸੀਂ ਆਪਣੇ ਵਿਵਹਾਰ ਲਈ ਜ਼ਿੰਮੇਵਾਰੀ ਲੈਣਾ ਕਿਵੇਂ ਸਿੱਖ ਸਕਦੇ ਹੋ
- ਸੁਰੱਖਿਅਤ ਅਤੇ ਸਿਹਤਮੰਦ ਰਿਸ਼ਤੇ ਬਣਾਉਣ ਅਤੇ ਸੁਰੱਖਿਅਤ ਪਰਿਵਾਰ ਬਣਾਉਣ ਦੇ ਨਵੇਂ ਤਰੀਕੇ ਸਿੱਖਣ ਲਈ।
ਜੇ ਤੁਸੀਂ ਬਰੀਫ਼ ਇੰਟਰਵੈਨਸ਼ਨ ਸਰਵਿਸ ਤੱਕ ਪਹੁੰਚ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਪਹਿਲਾਂ 1300 766 491 ‘ਤੇ ਮੈੱਨਜ਼ ਰੈਫ਼ਰਲ ਸਰਵਿਸ ਨੂੰ ਫ਼ੋਨ ਕਰਨ ਦੀ ਲੋੜ ਪਵੇਗੀ। ਇੱਕ ਸਲਾਹਕਾਰ ਤੁਹਾਡੀ ਕਹਾਣੀ ਨੂੰ ਸੁਣੇਗਾ ਅਤੇ ਫਿਰ ਬਰੀਫ਼ ਇੰਟਰਵੈਨਸ਼ਨ ਸਰਵਿਸ ਤੱਕ ਪਹੁੰਚ ਕਰਨ ਵਿੱਚ ਤੁਹਾਡੀ ਮਦਦ ਕਰੇਗਾ।
ਸੇਵਾ ਨਾਲ ਗੱਲਬਾਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਤੁਸੀਂ ਮੁਫ਼ਤ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS ਨੈਸ਼ਨਲ) ਜਾਂ ਸਾਡੀ ਵੈੱਬਚੈਟ ਦੀ ਵਰਤੋਂ ਵੀ ਕਰ ਸਕਦੇ ਹੋ।
ਤੁਹਾਡੀ ਪਰਦੇਦਾਰੀ ਅਤੇ ਗੁਪਤਤਾ
ਮੈੱਨਜ਼ ਰੈਫ਼ਰਲ ਸਰਵਿਸ ਅਤੇ ਬਰੀਫ਼ ਇੰਟਰਵੈਨਸ਼ਨ ਸਰਵਿਸ ‘ਨੋ ਟੂ ਵੌਇਲੈਂਸ’ (NTV) (ਹਿੰਸਾ ਨੂੰ ਨਾਂਹ) ਦੁਆਰਾ ਚਲਾਈਆਂ ਜਾਂਦੀਆਂ ਹਨ। ‘ਨੋ ਟੂ ਵੌਇਲੈਂਸ’ ਇੱਕ ਗੁਣਵੱਤਾ ਵਾਲੀ ਸੇਵਾ ਪ੍ਰਦਾਨ ਕਰਨ ਅਤੇ ਸਾਡੀਆਂ ਸੇਵਾਵਾਂ ਤੱਕ ਪਹੁੰਚ ਕਰਨ ਅਤੇ ਵਰਤਣ ਵਾਲੇ ਸਾਰੇ ਲੋਕਾਂ ਦੇ ਅਧਿਕਾਰਾਂ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ।
ਪਰਦੇਦਾਰੀ ਕਾਨੂੰਨ 1988 (Cth) ਦੇ ਅਧੀਨ, ‘ਨੋ ਟੂ ਵੌਇਲੈਂਸ’ ਨੂੰ ਤੁਹਾਨੂੰ ਇਸ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ ਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਕਿਵੇਂ ਕਰਾਂਗੇ। ਤੁਹਾਡੀ ਜਾਣਕਾਰੀ ਨੂੰ ਉਦੋਂ ਤੱਕ ਨਿੱਜੀ ਅਤੇ ਗੁਪਤ ਰੱਖਿਆ ਜਾਵੇਗਾ ਜਦੋਂ ਤੱਕ ਤੁਹਾਡੀ ਸੁਰੱਖਿਆ ਜਾਂ ਦੂਜਿਆਂ ਦੀ ਸੁਰੱਖਿਆ ਬਾਰੇ ਕੋਈ ਚਿੰਤਾ ਨਾ ਹੋਵੇ, ਜਾਂ ਸਾਨੂੰ ਇਸ ਜਾਣਕਾਰੀ ਨੂੰ ਸਾਂਝਾ ਕਰਨ ਦੀ ਕਾਨੂੰਨੀ ਲੋੜ ਹੋਵੇ।
ਜਦੋਂ ਤੁਸੀਂ ਸਾਡੇ ਨਾਲ ਸੰਪਰਕ ਕਰਦੇ ਹੋ, ਤਾਂ ਤੁਹਾਨੂੰ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਆਪਣੀ ਨਿੱਜੀ ਜਾਣਕਾਰੀ ਨੂੰ ਵਰਤਣ ਦੀ ਆਗਿਆ ਦਿੰਦੇ ਹੋ ਤਾਂ ਜੋ ਅਸੀਂ ਤੁਹਾਡੀ ਮਦਦ ਕਰ ਸਕੀਏ। ਸਾਡੀਆਂ ਸੇਵਾਵਾਂ ਤੱਕ ਪਹੁੰਚ ਕਰਨ ਵਾਲੇ ਲੋਕਾਂ ਬਾਰੇ ਆਮ ਜਾਣਕਾਰੀ ਦੀ ਵਰਤੋਂ ਖੋਜ ਅਤੇ ਰਿਪੋਰਟ ਕਰਨ ਲਈ ਕੀਤੀ ਜਾ ਸਕਦੀ ਹੈ – ਉਦਾਹਰਨ ਲਈ, ਹਰੇਕ ਰਾਜ ਜਾਂ ਕੇਂਦਰੀ ਪ੍ਰਦੇਸ਼ ਤੋਂ ਫ਼ੋਨ ਕਰਨ ਵਾਲੇ ਲੋਕਾਂ ਦੀ ਗਿਣਤੀ। ਤੁਹਾਡੀ ਕਾਲ ਰਿਕਾਰਡ ਕੀਤੀ ਜਾਵੇਗੀ ਅਤੇ ਗੁਣਵੱਤਾ ਅਤੇ ਸਿਖਲਾਈ ਦੇ ਉਦੇਸ਼ਾਂ ਲਈ ਵਰਤੀ ਜਾ ਸਕਦੀ ਹੈ।
ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਵਧੇਰੇ ਜਾਣਕਾਰੀ ਵਾਸਤੇ ਅਤੇ ਸਾਡੀ ਪਰਦੇਦਾਰੀ ਨੀਤੀ ਨੂੰ ਪੜ੍ਹਨ ਲਈ ਕਿਰਪਾ ਕਰਕੇ https://ntv.org.au/about-us/privacy/ ਵੇਖੋ। ਤੁਸੀਂ ਇਸ ਬਾਰੇ ਵੀ ਜਾਣਕਾਰੀ ਲੱਭ ਸਕਦੇ ਹੋ ਕਿ ਵਾਪਸੀ ਸਲਾਹ (ਫੀਡਬੈਕ) ਕਿਵੇਂ ਦੇਣੀ ਹੈ ਜਾਂ ਸ਼ਿਕਾਇਤ ਕਿਵੇਂ ਕਰਨੀ ਹੈ।
ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS ਨੈਸ਼ਨਲ) ਤੱਕ ਪਹੁੰਚ ਕਿਵੇਂ ਕਰਨੀ ਹੈ
ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS ਨੈਸ਼ਨਲ) ਇੱਕ ਮੁਫ਼ਤ ਸੇਵਾ ਹੈ ਜੋ ਤੁਹਾਡੀ ਮਦਦ ਕਰ ਸਕਦੀ ਹੈ ਜੇ ਤੁਸੀਂ ਅੰਗਰੇਜ਼ੀ ਨਹੀਂ ਬੋਲਦੇ ਅਤੇ ਮੈੱਨਜ਼ ਰੈਫ਼ਰਲ ਸਰਵਿਸ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ।
TIS ਨੈਸ਼ਨਲ ਸੇਵਾ ਦੀ ਵਰਤੋਂ ਕਰਨ ਲਈ:
- ਆਪਣੇ ਫ਼ੋਨ ‘ਤੇ 131 450 ਡਾਇਲ ਕਰੋ
- ਔਪਰੇਟਰ ਨੂੰ ਉਹ ਭਾਸ਼ਾ ਦੱਸੋ ਜਿਸ ਦੀ ਤੁਹਾਨੂੰ ਲੋੜ ਹੈ
- ਜੇ ਤੁਸੀਂ ਚਾਹੁੰਦੇ ਹੋ, ਤਾਂ ਆਦਮੀ ਜਾਂ ਔਰਤ ਨੂੰ ਆਪਣੇ ਤਰਜੀਹੀ ਦੁਭਾਸ਼ੀਏ ਵਜੋਂ ਚੁਣੋ (ਜੇ ਉਪਲਬਧ ਹੈ)।
ਔਪਰੇਟਰ ਤੁਹਾਨੂੰ ਉਸ ਦੁਭਾਸ਼ੀਏ ਨਾਲ ਜੋੜੇਗਾ ਜੋ ਤੁਹਾਡੀ ਭਾਸ਼ਾ ਬੋਲਦਾ ਹੈ, ਤਾਂ ਜੋ ਤੁਹਾਨੂੰ ਮੈੱਨਜ਼ ਰੈਫ਼ਰਲ ਸਰਵਿਸ ਨਾਲ ਗੱਲਬਾਤ ਕਰਨ ਵਿੱਚ ਮਦਦ ਮਿਲ ਸਕੇ।
ਜੇ ਤੁਸੀਂ ਸੋਚਦੇ ਹੋ ਕਿ ਤੁਹਾਡੀ ਗੱਲਬਾਤ 30 ਮਿੰਟਾਂ ਤੋਂ ਵੱਧ ਸਮੇਂ ਤੱਕ ਚੱਲੇਗੀ, ਤਾਂ ਕਿਰਪਾ ਕਰਕੇ ਦੁਭਾਸ਼ੀਏ ਨੂੰ ਦੱਸੋ ਤਾਂ ਜੋ ਉਹ ਤੁਹਾਡੇ ਲਈ ਲੰਬੀ ਮੁਲਾਕਾਤ ਬੁੱਕ ਕਰ ਸਕਣ।
ਵੈੱਬਚੈਟ
ਜੇ ਤੁਸੀਂ ਕਿਸੇ ਔਨਲਾਈਨ ਫਾਰਮ ਦੀ ਵਰਤੋਂ ਕਰਕੇ ਕਿਸੇ ਸਲਾਹਕਾਰ ਨਾਲ ਗੱਲ ਕਰਨਾ ਪਸੰਦ ਕਰਦੇ ਹੋ ਤਾਂ ਤੁਸੀਂ ਸਾਡੀ ਮੈੱਨਜ਼ ਰੈਫ਼ਰਲ ਸਰਵਿਸ ਵੈੱਬਚੈਟ ਤੱਕ ਪਹੁੰਚ ਕਰ ਸਕਦੇ ਹੋ।
ਇੱਕ ਵਾਰ ਜਦੋਂ ਤੁਸੀਂ ਲਿੰਕ ‘ਤੇ ਕਲਿੱਕ ਕਰਦੇ ਹੋ, ਤਾਂ ਵੈੱਬਪੇਜ ਉਪਰ ਵੈੱਬਚੈਟ ਫਾਰਮ ਆਪਣੇ ਆਪ ਖੁੱਲ੍ਹ ਜਾਵੇਗਾ। ਬੱਸ ਆਪਣੇ ਵੇਰਵੇ ਦਰਜ ਕਰੋ, ਅਤੇ ਸੇਵਾ ਤੋਂ ਜਵਾਬ ਦੀ ਉਡੀਕ ਕਰੋ।
ਕਿਰਪਾ ਕਰਕੇ ਚੇਤੇ ਰੱਖੋ ਕਿ ਸਾਡੀ ਵੈੱਬਚੈਟ ਕੇਵਲ ਅੰਗਰੇਜ਼ੀ ਵਿੱਚ ਉਪਲਬਧ ਹੈ। ਜੇ ਤੁਸੀਂ ਅੰਗਰੇਜ਼ੀ ਵਿੱਚ ਪੜ੍ਹਨ ਅਤੇ ਲਿਖਣ ਵਿੱਚ ਆਤਮ-ਵਿਸ਼ਵਾਸ਼ੀ ਹੋ, ਤਾਂ ਤੁਹਾਨੂੰ ਇਹ ਢੁੱਕਵਾਂ ਵਿਕਲਪ ਲੱਗ ਸਕਦਾ ਹੈ।
ਇਸ ਅਨੁਵਾਦ ਕੀਤੇ ਵੈੱਬਪੇਜ ਅਤੇ ਇੱਥੇ ਸੂਚੀਬੱਧ ਸੇਵਾਵਾਂ ਨੂੰ ਆਸਟ੍ਰੇਲੀਆ ਦੀ ਸਰਕਾਰ ਦੇ ਸਮਾਜਿਕ ਸੇਵਾਵਾਂ ਵਿਭਾਗ ਦੁਆਰਾ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ।